ਐੱਸ.ਏ.ਐੱਸ. ਨਗਰ - ਪੰਚਾਇਤੀ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਵਿਕਾਸ ਭਵਨ ਮੋਹਾਲੀ ਵਿਖੇ ਹੋਈ ਜਿਸ ਵਿੱਚ ਪੰਚਾਇਤ ਸਮਿਤੀਆਂ/ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ 10 ਜੂਨ ਨੂੰ ਵਿਕਾਸ ਭਵਨ ਵਿਖੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦਾ ਪੰਜ ਮੈਂਬਰੀ ਵਫਦ ਸੂਬਾ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਡਾਇਰੈਕੲਟਰ ਪੰਚਾਇਤ ਵਿਭਾਗ ਪੰਜਾਬ ਦੇ ਦਫਤਰ ਵਿਖੇ ਉਨ੍ਹਾਂ ਨੂੰ ਇਨ੍ਹਾਂ ਪੈਨਸ਼ਨਰਾਂ ਦੀਆਂ ਮੰਗਾ ਦੇ ਸਬੰਧ ਵਿੱਚ ਮਿਲਿਆ। ਮੰਗ ਪੱਤਰ ਵਿੱਚ ਦਰਜ ਮੰਗਾਂ ਪ੍ਰਤੀ ਗੱਲ ਕਰਦਿਆਂ ਡਾਇਰੈਕਟਰ ਸਾਹਿਬ ਨੇ ਦੱਸਿਆ ਕਿ ਮਈ ਮਹੀਨੇ ਦੀ ਪੈਨਸ਼ਨ ਦੇ ਬਿੱਲ ਖਜਾਨੇ ਭੇਜੇ ਜਾ ਚੁੱਕੇ ਹਨ। ਛੇਤੀ ਪੈਨਸ਼ਨ ਪਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜੁਲਾਈ 21 ਤੋਂ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ ਬਣਦੇ ਬਕਾਏ ਦੇ ਬਿੱਲ 30 ਜੂਨ ਤੱਕ ਖਜਾਨੇ ਪੁੱਜਦੇ ਕਰ ਦਿੱਤੇ ਜਾਣਗੇ। ਬੁਢਾਪਾ ਭੱਤਾ ਦੂਜੇ ਪੈਨਸ਼ਨਰਾਂ ਦੀ ਤਰਜ ਤੇ ਜਾਰੀ ਕਰਾਉਣ ਲਈ ਵਿੱਤ ਵਿਭਾਗ ਦੀ ਪ੍ਰਵਾਨਗੀ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਜਿਸ ਵਿੱਚ ਜਥੇਬੰਦੀ ਨੂੰ ਵੀ ਯਤਨ ਕਰਨੇ ਹੋਣਗੇ। ਪੈਨਸ਼ਨ ਤੇ ਫੈਮਿਲੀ ਪੈਨਸ਼ਨ ਲਾਉਣ ਵਿੱਚ ਬੇਲੋੜੀ ਦੇਰੀ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬਣਦੀ ਸਜਾ ਦਿੱਤੀ ਜਾਵੇਗੀ। ਡਾਇਰੈਕਟਰ ਸਾਹਿਬ ਨੇ ਜਥੇਬੰਦੀ ਦੇ ਮੈਂਬਰਾਂ ਨੂੰ ਹਰ ਮਹੀਨੇ ਪੈਨਸ਼ਨ ਮੁਸ਼ਕਲਾਂ ਪ੍ਰਤੀ ਇੱਕ ਦੋ ਵਾਰ ਮਿਲਣ ਦੀ ਹਦਾਇਤ ਵੀ ਕੀਤੀ।
ਜਥੇਬੰਦੀ ਦੇ ਹਾਜਰ ਮੈਂਬਰਾਂ ਨੇ ਆਪਣੀ ਮੀਟਿੰਗ ਵਿੱਚ ਗਹਿਨ ਵਿਚਾਰ ਚਰਚਾ ਕਰਨ ਉਪਰੰਤ ਡਾਇਰੈਕਟਰ ਸਾਹਿਬ ਦੇ ਭਰੋਸੇ ਤੇ ਵਿਸ਼ਵਾਸ ਕਰਦਿਆਂ 10 ਜੂਨ ਦੇ ਧਰਨੇ ਨੂੰ ਅਗਲੇ ਐਲਾਨ ਤੱਕ ਮੁਲਤਵੀ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜੇ ਇਸ ਭਰੋਸੇ ਨੂੰ ਕਾਇਮ ਨਾ ਰੱਖਿਆ ਗਿਆ ਤਾਂ ਉਹ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਤੋਂ ਗੁਰੇਜ਼ ਨਹੀਂ ਕਰਨਗੇ। ਅੱਜ ਦੀ ਮੀਟਿੰਗ ਵਿੱਚ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਾਗੀਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਫਤਹਿਗੜ੍ਹ ਸਾਹਿਬ, ਗੁਰਮੇਲ ਸਿੰਘ ਸਮਰਾਲਾ, ਪਰਮਜੀਤ ਸਿੰਘ, ਸਤਪਾਲ ਭਾਰਦਵਾਜ, ਸੁਖਦੇਵ ਸਿੰਘ ਆਦਿ ਸ਼ਾਮਲ ਸਨ।